ਨਵੀਂ ਦਿੱਲੀ- ਸ਼ਾਹਨੂਰ ਪ੍ਰੌਡਕਸ਼ਨ ਵੱਲੋਂ ਗਲੋਬਲ ਪੱਧਰ ’ਤੇ ਬੱਚਿਆਂ ਤੇ ਹੋਰਨਾ ਨੂੰ ਗੁਰਬਾਣੀ ਨਾਲ ਜੋੜਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਧਾਰਮਿਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ । ਇਸ ਪ੍ਰਾਜੈਕਟ ਦਾ ਨਾਂਅ ’ਬਾਣੀ ਖਜ਼ਾਨਾ’ ਰੱਖਿਆ ਗਿਆ ਹੈ । ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਵਾਲੇ ਸੰਚਾਲਕ ਹਰਜੋਤ ਸ਼ਾਹ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆ ਕਿ ਫਿਲਹਾਲ ਇਸ ਪ੍ਰਾਜੈਕਟ ਦੀ ਅੱਜ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋ ਜਾਣ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਰੇਕ ਸ਼ਬਦ ਦੀ ਅਰਥ ਵਿਆਖਿਆ ਅੰਗਰੇਜੀ ਭਾਸ਼ਾ ਵਿਚ ਵੱਖ ਵੱਖ ਸੋਸ਼ਲ ਪਲੇਟਫਾਰਮਾਂ ’ਤੇ ਉਪਲਬਧ ਹੋਏਗੀ । ਉਨ੍ਹਾਂ ਦੱਸਿਆ ਕਿ ਫਿਲਹਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਵਿਆਖਿਆ ਨੂੰ ਗਲੋਬਲ ਭਾਸ਼ਾ ਯਾਨੀ ਇੰਗਲਿਸ਼ ਭਾਸ਼ਾ ਵਿਚ ਸ਼ੁਰੂ ਕੀਤਾ ਗਿਆ ਹੈ । ਕਿਉਂਕਿ ਕਾਫੀ ਸਮੇਂ ਤੋਂ ਅਕਸਰ ਅਜਿਹਾ ਸੁਣਨ ਨੂੰ ਮਿਲਦਾ ਹੈ ਕਿ ਅਜੋਕੇ ਯੁੱਗ ਦੇਸ਼ ਵਿਦੇਸ਼ ਵਿਚ ਇੰਗਲਿਸ਼ ਮੀਡੀਅਮ ਰਾਹੀਂ ਸਿੱਖਿਆ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਮੰਗ ਹੁੰਦੀ ਹੈ ਕਿ ਗੁਰਬਾਣੀ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਅੰਗ੍ਰੇਜੀ ਭਾਸ਼ਾ ਵਿਚ ਮੁਹਈਆ ਕਰਵਾਈ ਜਾਵੇ । ਇਸ ਤੋਂ ਇਲਾਵਾ ਬਾਹਰਲੇ ਮੁਲਕਾਂ ਵਿਚ ਰਹਿਣ ਵਾਲੇ ਹੋਰ ਸ਼ਰਧਾਲੂ ਵੀ ਅੰਗ੍ਰੇਜੀ ਭਾਸ਼ਾ ਵਿਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ। ਇਸ ਲਈ ਫਿਲਹਾਲ ਇਸ ਪ੍ਰਾਜੈਕਟ ਨੂੰ ਅੰਗ੍ਰੇਜੀ ਭਾਸ਼ਾ ਵਿਚ ਸ਼ੁਰੂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਥਾਂ ਸਹਿਤ ਵਿਆਖਿਆ ਅੰਗ੍ਰੇਜੀ ਭਾਸ਼ਾ ਵਿਚ ਉਪਲਬਧ ਕਰਾਈ ਜਾਵੇਗੀ । ਗੁਰਬਾਣੀ ਵਿਚ ਦਰਜ ਹਰੇਕ ਸ਼ਬਦ ਦੀ ਵਿਆਖਿਆ ਲਈ ਇੱਕ ਵੱਖਰਾ ਐਪੀਸੋਡ ਹੋਏਗਾ ਅਤੇ ਇਸ ਤਰ੍ਹਾਂ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦੇ ਕੁਲ 5 ਹਜ਼ਾਰ ਤੋਂ ਜ਼ਿਆਦਾ ਐਪੀਸੋਡ ਬਣਨਗੇ । ਇਨ੍ਹਾਂ ਸ਼ਬਦਾਂ ਦੀ ਵਿਆਖਿਆ ਸਰਦਾਰਨੀ ਲੀਨਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਬੱਚਿਆਂ ਨੂੰ ਤੰਤੀ ਸਾਜਾਂ ਦੇ ਵਿਚ ਕੀਰਤਨ ਵੀ ਸਿਖਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਪ੍ਰਾਜੈਕਟ ਭਵਿੱਖ ਵਿਚ ਮੁਕੰਮਲ ਹੋ ਜਾਵੇਗਾ ਤਾਂ ਕੋਈ ਵੀ ਸ਼ਰਧਾਲੂ ਜਦੋਂ ਗੁਗਲ ’ਤੇ ਕਿਸੀ ਵੀ ਸ਼ਬਦ ਦੀ ਇੱਕ ਲਾਈਨ ਹੀ ਟਾਈਪ ਕਰੇਗਾ ਤਾਂ ਉਸ ਸ਼ਬਦ ਦੀ ਪੂਰੀ ਵਿਆਖਿਆ ਉਪਲਬਧ ਹੋ ਜਾਵੇਗੀ ।ਉਨ੍ਹਾਂ ਦੱਸਿਆ ਕਿ ਅੱਜ ਇਸ ਪ੍ਰਾਜੈਕਟ ਦੀ ਸ਼ੁਰੂਆਤ ਗੁਰਬਾਣੀ ਦੇ 300 ਸ਼ਬਦਾਂ ਨਾਲ ਕੀਤੀ ਗਈ ਹੈ । ਯਾਨੀ 300 ਸ਼ਬਦਾਂ ਦੀ ਵਿਆਖਿਆ ਤੁਸੀਂ ਹੁਣ ਅੰਗ੍ਰੇਜੀ ਭਾਸ਼ਾ ਵਿਚ ਪੜ ਅਤੇ ਸੁਣ ਸਕਦੇ ਹੋ । ਆਖਿਰ ਵਿਚ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਇਸ ਪ੍ਰਾਜੈਕਟ ਦਾ ਮਕਸਦ ਦੇਸ਼ ਵਿਦੇਸ਼ ਦੇ ਬੱਚਿਆਂ ਤੇ ਹੋਰਨਾ ਨੂੰ ਗੁਰਬਾਣੀ ਨਾਲ ਜੋੜਨਾ ਹੈ, ਜਿਨ੍ਹਾਂ ਦੀ ਅਕਸਰ ਮੰਗ ਹੁੰਦੀ ਹੈ ਕਿ ਉਨ੍ਹਾਂ ਨੂੰ ਗੁਰਬਾਣੀ ਸਬੰਧੀ ਅੰਗ੍ਰੇਜੀ ਵਿਚ ਮੈਟਰੀਅਲ ਨਹੀਂ ਮਿਲ ਪਾਂਦਾ । ਇਸ ਮੌਕੇ ਦਿੱਲੀ ਕਮੇਟੀ ਮੈਂਬਰ ਜਤਿੰਦਰ ਸਿੰਘ ਸੋਨੂੰ ਅਤੇ ਪਰਮੀਤ ਸਿੰਘ ਚੱਢਾ ਵੀ ਮੌਜੂਦ ਸਨ |